ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 2 ਮਈ 2026

ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 2 ਮਈ 2026ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੧੯ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਅੰਗ ੬੩੦

ਸੋਰਠਿ ਮਹਲਾ ੫ ॥ ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥ ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥੧॥ ਹਰਿ ਰਸੁ ਪੀਵਹੁ ਭਾਈ ॥ ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥ ਰਹਾਉ ॥ ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ ਸੋਈ ਪੂਰਨੁ ਭਾਈ ॥ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮਿ ਰਹਾ ਲਿਵ ਲਾਈ ॥੨॥੨੫॥੮੯॥

ਪਦਅਰਥ: ਦਾਤਾ = ਦੇਣ ਵਾਲਾ। ਤਾ ਕੀ = ਉਸ (ਗੁਰੂ) ਦੀ। ਭੇਟਤ = ਮਿਲਦਿਆਂ। ਗਾਈਐ = ਗਾਣਾ ਚਾਹੀਦਾ ਹੈ ॥੧॥ ਭਾਈ = ਹੇ ਭਾਈ! ਨਾਮੋ = ਨਾਮ ਹੀ ॥ ਰਹਾਉ ॥ ਤਿਸਹਿ = ਤਿਸੁ ਹੀ, ਉਸੇ ਨੂੰ ਹੀ {ਲਫ਼ਜ਼ ‘ਤਿਸੁ’ ਦਾ ੁ ਕ੍ਰਿਆ ਵਿਸ਼ੇਸ਼ਣ ‘ਹਿ’ ਦੇ ਕਾਰਣ ਉੱਡ ਗਿਆ ਹੈ}। ਧੁਰਿ = ਪ੍ਰਭੂ ਦੀ ਦਰਗਾਹ ਤੋਂ। ਪ੍ਰਭ = ਹੇ ਪ੍ਰਭੂ! ਨਾਮਿ = ਨਾਮ ਵਿਚ। ਰਹਾ = ਰਹਾਂ। ਲਿਵ = ਲਗਨ ॥੨॥

ਅਰਥ: ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ, ਹਰ ਵੇਲੇ ਨਾਮ ਹੀ ਸਿਮਰਿਆ ਕਰੋ, ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦੇ ਰਿਹਾ ਕਰੋ ॥ ਰਹਾਉ ॥ ਹੇ ਭਾਈ! ਗੁਰੂ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਉਸ (ਗੁਰੂ) ਦੀ ਸ਼ਰਨ ਪੈਣਾ ਚਾਹੀਦਾ ਹੈ। ਗੁਰੂ ਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ॥੧॥ ਪਰ, ਹੇ ਭਾਈ! ਇਹ ਨਾਮ ਦੀ ਦਾਤਿ ਗੁਰੂ ਦੇ ਦਰ ਤੋਂ) ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੀ ਕਿਸਮਤਿ ਵਿਚ ਪਰਮਾਤਮਾ ਦੀ ਹਜ਼ੂਰੀ ਤੋਂ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ। ਉਹ ਮਨੁੱਖ ਸਾਰੇ ਗੁਣਾਂ ਵਾਲਾ ਹੋ ਜਾਂਦਾ ਹੈ। ਹੇ ਪ੍ਰਭੂ ਜੀ! ਤੇਰੇ ਦਾਸ) ਨਾਨਕ ਦੀ (ਭੀ ਤੇਰੇ ਦਰ ਤੇ ਇਹ) ਬੇਨਤੀ ਹੈ-ਮੈਂ ਤੇਰੇ ਨਾਮ ਵਿਚ ਸੁਰਤਿ ਜੋੜੀ ਰੱਖਾਂ ॥੨॥੨੫॥੮੯॥

ਗੁਰੂ ਰੁਪ ਸਾਧ ਸੰਗਤ ਜੀਓ
ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ 

ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ
ਡਿਠੇ ਸਭੇ ਥਾਵ ਨਹੀ ਤੁਧ ਜੇਹਿਆ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ

 

More From Author

ਅਕਾਲੀ ਦਲ ਦਾ ਦੋਹਰਾ ਚਿਹਰਾ ਉਜਾਗਰ, ਕਾਨੂੰਨ-ਵਿਵਸਥਾ ‘ਤੇ ਸਵਾਲ ਚੁੱਕਣ ਵਾਲੇ ਖ਼ੁਦ ਅਪਰਾਧੀਆਂ ਦੇ ਮਦਦਗਾਰ: ਬਲਤੇਜ ਪੰਨੂ  

ਭਗਵੰਤ ਮਾਨ ਸਰਕਾਰ ਨੇ ਸਰਬਸੰਮਤੀ ਨਾਲ ਭਰੋਸੇ ਦਾ ਵੋਟ ਜਿੱਤਿਆ  

Leave a Reply

Your email address will not be published. Required fields are marked *