ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 19 ਮਈ 2026 

  ਟੋਡੀ ਮਹਲਾ ੫ ਘਰੁ ੧ ਦੁਪਦੇ ॥

ੴ ਸਤਿਗੁਰ ਪ੍ਰਸਾਦਿ ॥ ਸੰਤਨ ਅਵਰ ਨ ਕਾਹੂ ਜਾਨੀ ॥ ਬੇਪਰਵਾਹ ਸਦਾ ਰੰਗਿ ਹਰਿ ਕੈ ਜਾ ਕੋ ਪਾਖੁ ਸੁਆਮੀ ॥ ਰਹਾਉ ॥ ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ॥ ਐਸੋ ਅਮਰੁ ਮਿਲਿਓ ਭਗਤਨ ਕਉ ਰਾਚਿ ਰਹੇ ਰੰਗਿ ਗਿਆਨੀ ॥੧॥ ਰੋਗ ਸੋਗ ਦੁਖ ਜਰਾ ਮਰਾ ਹਰਿ ਜਨਹਿ ਨਹੀ ਨਿਕਟਾਨੀ ॥ ਨਿਰਭਉ ਹੋਇ ਰਹੇ ਲਿਵ ਏਕੈ ਨਾਨਕ ਹਰਿ ਮਨੁ ਮਾਨੀ ॥੨॥੧॥

 

ਅਰਥ :- ਰਾਗ ਟੋਡੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਸੰਤ ਜਨ ਕਿਸੇ ਹੋਰ ਦੀ (ਮੁਥਾਜੀ ਕਰਨੀ) ਨਹੀਂ ਜਾਣਦੇ। ਜਿਨ੍ਹਾਂ ਦੀ ਮਦਦ ਪਰਮਾਤਮਾ ਕਰਦਾ ਹੈ ਉਹ ਪਰਮਾਤਮਾ ਦੇ ਪਿਆਰ ਵਿਚ (ਟਿਕ ਕੇ) ਸਦਾ ਬੇ-ਪਰਵਾਹ ਰਹਿੰਦੇ ਹਨ ਰਹਾਉ॥ (ਹੇ ਭਾਈ! ਉਹ ਸੰਤ ਜਨ ਇਉਂ ਆਖਦੇ ਰਹਿੰਦੇ ਹਨ-) ਹੇ ਮਾਲਕ-ਪ੍ਰਭੂ! ਤੇਰਾ ਸ਼ਾਮਿਆਨਾ (ਸਭ ਸ਼ਾਹਾਂ ਪਾਤਿਸ਼ਾਹਾਂ ਦੇ ਸ਼ਾਮਿਆਨਿਆਂ ਨਾਲੋਂ) ਉੱਚਾ ਹੈ, ਕਿਸੇ ਹੋਰ ਨੇ (ਇਤਨਾ ਉੱਚਾ ਸ਼ਾਮਿਆਨਾ ਕਦੇ) ਨਹੀਂ ਤਾਣਿਆ। ਹੇ ਭਾਈ! ਸੰਤ ਜਨਾਂ ਨੂੰ ਇਹੋ ਜਿਹਾ ਸਦਾ ਕਾਇਮ ਰਹਿਣ ਵਾਲਾ ਹਰੀ ਮਿਲਿਆ ਰਹਿੰਦਾ ਹੈ, ਆਤਮਕ ਜੀਵਨ ਦੀ ਸੂਝ ਵਾਲੇ ਉਹ ਸੰਤ ਜਨ (ਸਦਾ) ਪਰਮਾਤਮਾ ਦੇ ਪ੍ਰੇਮ ਵਿਚ ਹੀ ਮਸਤ ਰਹਿੰਦੇ ਹਨ ॥੧॥ ਰੋਗ, ਚਿੰਤਾ-ਫ਼ਿਕਰ, ਬੁਢੇਪਾ, ਮੌਤ (-ਇਹਨਾਂ ਦੇ ਸਹਿਮ) ਪਰਮਾਤਮਾ ਦੇ ਸੇਵਕਾਂ ਦੇ ਨੇੜੇ ਭੀ ਨਹੀਂ ਢੁਕਦੇ। ਹੇ ਨਾਨਕ! ਉਹ ਇਕ ਪਰਮਾਤਮਾ ਵਿਚ ਹੀ ਸੁਰਤ ਜੋੜ ਕੇ (ਦੁਨੀਆ ਦੇ ਡਰਾਂ ਵਲੋਂ) ਨਿਡਰ ਰਹਿੰਦੇ ਹਨ ਉਹਨਾਂ ਦਾ ਮਨ ਪ੍ਰਭੂ ਦੀ ਯਾਦ ਵਿਚ ਹੀ ਪਤੀਜਿਆ ਰਹਿੰਦਾ ਹੈ ॥੨॥੧॥

 

 

More From Author

ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 18 ਮਈ 2026

🔴 BREAKING: ਪੰਜਾਬ ਅਤੇ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ: CNG ਵੀ 1.73 ਰੁਪਏ ਤੱਕ ਮਹਿੰਗਾ ਹੋਇਆ

Leave a Reply

Your email address will not be published. Required fields are marked *