🔴 ਗੁਰਦੁਆਰਾ ਜੋਤੀਸਰ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਿੰਡ ਖੁਰਾਣਾ ਵਿਖੇ ਸਥਿਤ ਗੁਰਦੁਆਰਾ ਜੋਤੀਸਰ ਸਾਹਿਬ ਵਿਖੇ ਸੰਗਤ ਨਾਲ ਅਰਦਾਸ ਵਿੱਚ ਸ਼ਾਮਲ ਹੋ ਕੇ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026 ਨੂੰ ਲਾਗੂ ਕਰਨ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਸਖ਼ਤ ਕਾਨੂੰਨ ਬਣਨ ਨਾਲ ਪੰਥ ਕਾਫ਼ੀ ਰਾਹਤ ਅਤੇ ਸੰਤੁਸ਼ਟੀ ਮਹਿਸੂਸ ਕਰ ਰਿਹਾ ਹੈ, ਜੋ ਇਹ ਯਕੀਨੀ ਬਣਾਏਗਾ ਕਿ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਹਿੰਮਤ ਨਾ ਕਰੇ।
ਆਪਣੇ ਐਕਸ ਹੈਂਡਲ ‘ਤੇ ਕੁਝ ਫੋਟੋਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ “ਮੈਨੂੰ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਜੋਤੀਸਰ ਸਾਹਿਬ (ਛੇਵੀਂ ਪਾਤਸ਼ਾਹੀ) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਸ਼ਾਮਲ ਹੋ ਕੇ ਮੱਥਾ ਟੇਕਣ ਦਾ ਸੁਭਾਗ ਮਿਲਿਆ। ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਪਵਿੱਤਰ ਅਸਥਾਨ ਵਿਖੇ ਨਤਮਸਤਕ ਹੋ ਕੇ ਮੈਂ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾ ਕੇ ਸੇਵਾ ਕਰਨ ਦਾ ਬਲ ਬਖ਼ਸ਼ਣ ਲਈ ਗੁਰੂ ਸਾਹਿਬ ਦਾ ਧੰਨਵਾਦ ਕੀਤਾ। ਇਸ ਮੌਕੇ ਮੈਂ ਪੰਜਾਬ ਦੀ ਚੜ੍ਹਦੀ ਕਲਾ, ਸਰਬੱਤ ਦੇ ਭਲੇ ਅਤੇ ਸੂਬੇ ਨੂੰ ਇੱਕ ਵਾਰ ਫਿਰ ਮੁੜ ਤੋਂ ‘ਰੰਗਲਾ ਪੰਜਾਬ’ ਬਣਾਉਣ ਦੀ ਸਮਰੱਥਾ ਅਤੇ ਸੋਝੀ ਬਖ਼ਸ਼ਣ ਦਾ ਆਸ਼ੀਰਵਾਦ ਮੰਗਿਆ ਅਤੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਸਭਨਾਂ ‘ਤੇ ਆਪਣੀ ਕਿਰਪਾ ਬਣਾ ਕੇ ਰੱਖਣ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਦੀ ਅਗਵਾਈ ਵਾਲੇ ਕੇਂਦਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ਵਾਸੀ ਸਭ ਦੇਖ ਰਹੇ ਹਨ ਕਿ ਕਿਵੇਂ ਭਾਰਤ ਦੇ ਫੈਸਲੇ ਵ੍ਹਾਈਟ ਹਾਊਸ ਤੋਂ ਲਏ ਜਾ ਰਹੇ ਹਨ ਅਤੇ ਕਿਵੇਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਸਿਆਸੀ ਵਿਰੋਧੀਆਂ ਨੂੰ ਡਰਾਉਣ ਲਈ ਕੀਤੀ ਜਾ ਰਹੀ ਹੈ। ਇਹ ਆਖਦਿਆਂ ਕਿ ਕਿ ਪੰਜਾਬੀ ਕਦੇ ਵੀ ਦਬਾਅ ਦੀਆਂ ਚਾਲਾਂ ਅੱਗੇ ਨਾ ਝੁਕੇ ਹਨ ਤੇ ਨਾ ਹੀ ਕਦੇ ਝੁਕਣਗੇ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਹਰ ਕੋਸ਼ਿਸ਼ ਦਾ ਢੁਕਵਾਂ ਜਵਾਬ ਦੇਣਗੇ।
