ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 30 ਅਪ੍ਰੈਲ 2026

ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥

ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ

 ਹੁਕਮਨਾਮਾ

ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥

 

ਪਦਅਰਥ: ਹੀਅਰੈ = ਹਿਰਦੇ ਵਿਚ। ਗੁਰਿ = ਗੁਰੂ ਨੇ। ਮੇਰੈ ਮਾਥਾ = ਮੇਰੈ ਮਾਥੈ, ਮੇਰੇ ਮੱਥੇ ਉੱਤੇ। ਕਿਲਬਿਖ = ਪਾਪ। ਰਿਨੁ = ਕਰਜ਼ਾ, ਵਿਕਾਰਾਂ ਦਾ ਭਾਰ ॥੧॥ ਮਨ = ਹੇ ਮਨ! ਸਭਿ = ਸਾਰੇ। ਅਰਥਾ = ਪਦਾਰਥ। ਦ੍ਰਿੜਾਇਆ = ਪੱਕਾ ਦਿੱਤਾ। ਬਿਰਥਾ = ਵਿਅਰਥ ॥ ਰਹਾਉ ॥ ਮੂੜ = ਮੂਰਖ। ਮਨਮੁਖ = ਆਪਣੇ ਮ ਦੇ ਪਿੱਛੇ ਤੁਰਨ ਵਾਲੇ। ਤੇ = ਉਹ {ਬਹੁ-ਵਚਨ}। ਸਾਧੂ = ਗੁਰੂ। ਅਕਥਾ = ਨਿਸਫਲ, ਅਕਾਰਥ ॥੨॥ ਪਗ = ਪੈਰ, ਚਰਨ। ਸਫਲਿਓ = ਕਾਮਯਾਬ। ਸਨਾਥਾ = ਖਸਮ ਵਾਲੇ। ਮੋ ਕਉ = ਮੈਨੂੰ। ਕਉ = ਨੂੰ। ਕੀਜੈ = ਬਣਾ ਲੈ। ਜਗੰਨਾਥਾ = ਹੇ ਜਗਤ ਦੇ ਨਾਥ! ॥੩॥ ਕਿਉ = ਕਿਵੇਂ? ਚਾਲਹ = ਅਸੀ ਚੱਲੀਏ। ਮਾਰਗਿ = ਰਸਤੇ ਉਤੇ। ਪੰਥਾ = ਪੰਥਿ, ਰਸਤੇ ਉਤੇ। ਗੁਰ = ਹੇ ਗੁਰੂ! ਅੰਚਲੁ = ਪੱਲਾ। ਮਿਲੰਥਾ = ਮਿਲ ਕੇ ॥੪॥

 

ਅਰਥ: ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ) । (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਹੇ ਦਾਸ ਨਾਨਕ! (ਆਖ-) ਹੇ ਗੁਰੂ! ਸਾਨੂੰ ਅੰਨਿ੍ਹਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥

 

 

More From Author

ਕੰਗਨਾ ਰਣੌਤ ਮਾਣਹਾਨੀ ਕੇਸ: ਬਠਿੰਡਾ ਅਦਾਲਤ ‘ਚ ਗਵਾਹੀ ਨਾ ਹੋਣ ਕਾਰਨ ਸੁਣਵਾਈ ਮੁਲਤਵੀ, ਹੁਣ 12 ਮਈ ਨੂੰ ਹੋਵੇਗੀ ਸੁਣਵਾਈ

ਰਾਜ ਸਭਾ ਮੈਂਬਰਾਂ ਵੱਲੋਂ ਪਾਰਟੀ ਬਦਲਣ ਦੇ ਸਬੰਧ ਵਿੱਚ CM ਭਗਵੰਤ ਮਾਨ 5 ਮਈ ਨੂੰ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ 

Leave a Reply

Your email address will not be published. Required fields are marked *