
ਵੱਡੀ ਉਮਰ ਦੇ ਲੋਕਾਂ ਦੀ ਸੇਵਾ ਮੁਕਤੀ ਹੋਣ ਕਾਰਨ ਆਰਥਿਕਤਾ ਵਿੱਚ ਪੈਦਾ ਹੋਏ ਖ਼ਲਾਅ ਨੂੰ ਭਰਨ ਲਈ ਕੈਨੇਡਾ ਦੀ ਝਾਕ ਪਰਵਾਸੀਆਂ ਉਪਰ ਹੈ। ਹਾਲਾਂਕਿ ਹਰ ਕੋਈ ਇਸ ਦੇ ਸਮਰਥਨ ਵਿੱਚ ਨਹੀਂ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ, ਫੈਡਰਲ ਸਰਕਾਰ ਨੇ ਐਲਾਨ ਕੀਤਾ ਕਿ 2025 ਤੱਕ ਹਰ ਸਾਲ 5 ਲੱਖ ਪਰਵਾਸੀਆਂ ਨੂੰ ਦਾਖਲਾ ਦਿੱਤਾ ਜਾਏਗਾ।
ਇਸ ਅਨੁਸਾਰ ਆਉਂਦੇ ਤਿੰਨ ਸਾਲਾਂ ਵਿੱਚ ਕਰੀਬ 15 ਲੱਖ ਪਰਵਾਸੀ ਕੈਨੇਡਾ ਪਹੁੰਚ ਸਕਦੇ ਹਨ। ਇਸ ਯੋਜਨਾ ਨਾਲ ਯੂਕੇ ਦੇ ਮੁਕਾਬਲੇ ਪ੍ਰਤੀ ਅਬਾਦੀ, ਹਰ ਸਾਲ ਅੱਠ ਗੁਣਾ ਲੋਕਾਂ ਨੂੰ ਸਥਾਈ ਰਿਹਾਇਸ਼ (ਪੀਆਰ) ਦਿੱਤੀ ਜਾਏਗੀ। ਇਹ ਯੁਨਾਈਟਿਡ ਸਟੇਟਸ ਨਾਲੋਂ ਚਾਰ ਗੁਣਾ ਵੱਧ ਹੋਵੇਗੀ। ਪਰ ਤਾਜ਼ਾ ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਵੱਡੀ ਗਿਣਤੀ ਵਿੱਚ ਨਵੇਂ ਲੋਕਾਂ ਨੂੰ ਲਿਆਉਣ ਬਾਰੇ ਚਿੰਤਾਵਾਂ ਵੀ ਹਨ। ਕਈ ਸਾਲਾਂ ਤੱਕ ਕੈਨੇਡਾ ਨੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਆਕਰਸ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਹ ਅਜਿਹੇ ਪਰਵਾਸੀ ਹਨ ਜਿਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਕੈਨੇਡਾ ਵਿੱਚ ਰਹਿਣ ਦਾ ਹੱਕ ਹੁੰਦਾ ਹੈ ਪਰ ਉਹ ਕੈਨੇਡਾ ਦੇ ਨਾਗਰਿਕ ਨਹੀਂ ਹੁੰਦੇ। ਅਜਿਹਾ ਅਬਾਦੀ ਬਰਕਰਾਰ ਰੱਖਣ ਅਤੇ ਆਰਥਿਕਤਾ ਵਿੱਚ ਵਾਧੇ ਲਈ ਕੀਤਾ ਗਿਆ ਸੀ। ਪਿਛਲੇ ਸਾਲ ਕੈਨੇਡਾ ਨੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ 405,000 ਲੋਕਾਂ ਨੂੰ ਸਥਾਈ ਰਿਹਾਇਸ਼ ਯਾਨੀ ਪੀਆਰ ਦਿੱਤੀ। ਇਸ ਦਾ ਸਿੱਧਾ ਹਿਸਾਬ ਹੈ ਕਿ ਪੱਛਮੀ ਦੇਸਾਂ ਵਾਂਗ ਕੈਨੇਡਾ ਵਿੱਚ ਵੱਡੀ ਉਮਰ ਦੇ ਲੋਕਾਂ ਦੀ ਵਸੋਂ ਵੱਧ ਹੈ ਅਤੇ ਜਨਮ ਦਰ ਘੱਟ ਹੈ।
ਜੇਕਰ ਦੇਸ਼ ਅੱਗੇ ਵਧਣਾ ਚਹੁੰਦਾ ਹੈ ਤਾਂ ਪ੍ਰਵਾਸੀਆਂ ਨੂੰ ਬੁਲਾਣਾ ਪੈਣਾ। ਕੈਨੇਡਾ ਵਿੱਚ ਕਿਰਤੀ ਲੋਕਾਂ ਦੇ ਵਾਧੇ ਵਿੱਚ ਪਰਵਾਸੀਆਂ ਦੀ ਭੂਮਿਕਾ ਪਹਿਲਾਂ ਹੀ ਹੈ ਅਤੇ ਸਰਕਾਰ ਦੇ ਨਵੇਂ ਪ੍ਰੈਸ ਰਿਲੀਜ਼ ਮੁਤਾਬਕ, ਉਮੀਦ ਕੀਤੀ ਜਾ ਰਹੀ ਹੈ ਕਿ 2032 ਤੱਕ ਦੇਸ਼ ਦੀ ਹਰ ਤਰ੍ਹਾਂ ਦੀ ਅਬਾਦੀ ਵਿੱਚ ਇਸ ਦੀ ਭੂਮਿਕਾ ਹੋਏਗੀ। ਇਸ ਮਹੀਨੇ ਵਿੱਚ ਪਹਿਲਾਂ, ਸਰਕਾਰ ਨੇ ਐਲਾਨ ਕੀਤਾ ਕਿ 2025 ਤੱਕ ਉਹ ਹਰ ਸਾਲ 5 ਲੱਖ ਪਰਵਾਸੀਆਂ ਨੂੰ ਕੈਨੇਡਾ ਲਿਆਉਣ ਦੀ ਉਮੀਦ ਕਰ ਰਹੇ ਹਨ। ਇਹ ਗਿਣਤੀ 2021 ਨਾਲੋਂ 25 ਫ਼ੀਸਦੀ ਵੱਧ ਹੋਏਗੀ।